Guru Ravidass international organization for human rights (regd) UK

30th October 2010

ਜਰਮਨੀ ਵਿਖੇ ਰਵਿਦਾਸੀਆ ਕੌਮ ਨੇ ਰਚਿਆ ਇਤਿਹਾਸ
 

ਜਰਮਨੀ (ਮਨੀ ਚੌਹਾਨ-ਮੋਢੀ ਇਨਕਲਾਬ ਦਾ) ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸਮਾਜ ਦੁਨੀਆ ਦੇ ਕੋਨੇ ਕੋਨੇ ਵਿੱਚ ਵੱਸਦਾ ਹੈ | ਮਿਹਨਤ ਕਰਕੇ ਵਿਦੇਸ਼ਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਪਣੇ ਘਰ ਬਣਾਏ ਅਤੇ ਹਮੇਸ਼ਾ ਹੀ ਦਿਲ ਵਿੱਚ ਇਹ ਆਸ ਰੱਖੀ ਕਿ ਵਿਦੇਸ਼ਾਂ ਵਿੱਚ ਵੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸੁੰਦਰ ਦਰਬਾਰ ਸਜਾਏ ਜਾਣ | ਯੂਰਪ ਵਿੱਚ ਇਟਲੀ, ਗਰੀਸ, ਹੌਲੈਂਡ, ਸਪੇਨ, ਅਸਟਰੀਆ, ਫਰਾਂਸ, ਪੁਰਤਗਾਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਨਾਮਲੇਵਾ ਸੰਗਤ ਨੇ ਗੁਰੂਘਰਾਂ ਦੀ ਉਸਾਰੀ ਕਰਕੇ ਰਵਿਦਾਸੀਆ ਨਾਮਲੇਵਾ ਸੰਗਤ ਦੇ ਇਕੱਠੇ ਹੋ ਕੇ ਬੈਠਣ ਦਾ ਪ੍ਰਬੰਧ ਕੀਤਾ | ਜਰਮਨੀ ਵਿੱਚ ਵੱਸਦੀ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਦੀ ਵੀ ਬਹੁਤ ਚਿਰਾਂ ਤੋਂ ਦਿਲੀ ਤਮੰਨਾ ਸੀ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸੁੰਦਰ ਦਰਬਾਰ ਜਰਮਨੀ ਵਿੱਚ ਵੀ ਸਜਾਏ ਜਾਣ | ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਆਪਾਰ ਕਿਰਪਾ ਸਦਕਾਂ ਮਿਤੀ 26 ਸਤੰਬਰ 2010 ਨੂੰ ਜਰਮਨੀ ਦੀ ਸੰਗਤ ਵੱਲੋਂ ਨਵੇਂ ਗੁਰੂ ਘਰ ਦਾ ਉਦਘਾਟਨ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦਾ ਓਟ ਆਸਰਾ ਲੈ ਕੇ ਕੀਤਾ ਗਿਆ | ਸ਼ਨੀਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸਮਾਜ ਜਰਮਨੀ ਵਿਖੇ ਪਹੁੰਚਣਾ ਸ਼ੁਰੂ ਹੋ ਗਿਆ ਸੀ | ਸ਼੍ਰੀ ਗੁਰੂ ਰਵਿਦਾਸ ਸਭਾ ਜਰਮਨੀ ਵੱਲੋਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਕਰਨ ਵੇਲੇ ਸ਼੍ਰੀ ਗੁਰੂ ਰਵਿਦਾਸ ਇਟਰਨੈਸ਼ਨਨਲ ਆਰਗੇਨਾਈਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂ.ਕੇ. ਦੇ ਪਹੁੰਚੇ ਨੁਮਾਇਦਿਆਂ ਨੂੰ ਮਾਣ ਬਖਸ਼ਦਿਆਂ ਸ਼੍ਰੀ ਰਮੇਸ਼ ਕਲੇਰ ਚੇਅਰਮੈਨ ਜੀ ਦੇ ਸਿਰ ਉੱਤੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਪਾਵਨ ਸਰੂਪ ਰੱਖਦੇ ਹੋਏ ਗੁਰੂ ਘਰ ਸੈਕੜੇਂ ਸੰਗਤਾਂ ਦੀ ਹਜੂਰੀ ਵਿੱਚ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੈਕਾਰਿਆਂ ਦੀ ਗੁੰਜ ਵਿੱਚ ਲਿਆਦੇਂ ਗਏ | ਅੰਮ੍ਰਿਤਬਾਣੀ ਦੇ ਪ੍ਰਕਾਸ਼ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਪਹੁੰਚੀਆਂ ਸਭਾਵਾਂ ਨੇ ਆਪਸ ਵਿੱਚ ਰਵਿਦਾਸੀਆ ਕੌਮ ਦੀ ਤਰੱਕੀ ਵਾਸਤੇ ਵਿਚਾਰ ਵਟਾਂਦਰੇ ਕੀਤੇ | ਜਿਸ ਵਿੱਚ ਇੰਗਲੈਂਡ, ਗਰੀਸ, ਪੁਰਤਗਾਲ, ਸਪੇਨ, ਅਸਟਰੀਆ ਅਤੇ ਇਟਲੀ ਤੋਂ ਸਤਿਗੁਰੂ ਰਵਿਦਾਸ ਨਾਮਲੇਵਾ ਸਭਾਵਾਂ ਮੌਜੂਦ ਸਨ | ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂ.ਕੇ. ਤੋਂ ਪਹੁੰਚੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ, ਪ੍ਰਧਾਨ ਦੇਸ ਰਾਜ ਮਹਿਮੀ ਜੀ, ਜਨਰਲ ਸਕੱਤਰ ਸ਼੍ਰੀ ਚਮਨ ਲਾਲ ਮੰਡਾਰ ਅਤੇ ਮੀਡੀਆ ਸਪੋਕਸਮੈਨ ਸ਼੍ਰੀ ਅਮਰਨਾਥ ਦੜੋਚ ਜੀ ਨੇ ਆਪਣੇ ਵਿਚਾਰ ਦਿੰਦਿਆ ਕਿਹਾ ਕਿ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਪਾਵਨ ਸਰੂਪ ਇੰਗਲੈਂਡ ਦੇ ਪਾਰਲੀਮੈਂਟ ਵਿੱਚ ਸ਼ੁਸ਼ੋਭਿਤ ਕਰਨੇ ਅਤੇ ਰਵਿਦਾਸੀਆ ਕੌਮ ਦੀ ਆਵਾਜ ਨੂੰ ਪੂਰੇ ਵਿਸ਼ਵ ਵਿੱਚ ਪਹੁੰਚਾਉਣਾ ਇੰਗਲੈਂਡ ਦੀ ਸੰਗਤ ਵੱਲੋਂ ਹੀ ਉਪਰਾਲਾ ਕੀਤਾ ਗਿਆ ਹੈ | ਸ਼੍ਰੀ ਰੂਪ ਲਾਲ ਜੀ ਨੇ ਵਿਆਨਾ 'ਚ ਚੱਲਦੇ ਕੇਸ ਲਈ 2800 ਯੂਰੋ ਸ਼੍ਰੀ ਸੋਮਦੇਵ ਜੀ ਨੂੰ ਭੇਂਟ ਕੀਤਾ ਐਤਵਾਰ ਸਵੇਰੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਜਾਪ ਕੀਤੇ ਗਏ | ਇਸ ਮੌਕੇ ਡੇਰਾ ਬਾਬਾ ਫੂਲ ਨਾਥ ਜੀ ਚਹੇੜੂ ਤੋਂ ਗੱਦੀ ਨਸ਼ੀਨ ਸ਼੍ਰੀ 108 ਸੰਤ ਕਿਸ਼ਨ ਨਾਥ ਜੀ ਵਿਸ਼ੇਸ਼ ਤੌਰ ਤੇ ਜਰਮਨੀ ਵਿਖੇ ਪਹੁੰਚੇ ਹੋਏ ਸਨ | ਸ਼੍ਰੀ 108 ਸੰਤ ਕਿਸ਼ਨ ਨਾਥ ਜੀ ਦਾ ਸੰਗਤਾਂ ਵੱਲੋਂ ਢੋਲ ਨਾਲ ਸਵਾਗਤ ਕੀਤਾ ਗਿਆ | ਸ਼੍ਰੀ ਗੁਰੂ ਰਵਿਦਾਸ ਸਭਾ ਜਰਮਨੀ ਦੇ ਕੀਰਤਨੀ ਜੱਥੇ ਵੱਲੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਉਚਾਰੀ ਹੋਈ ਪਾਵਨ ਬਾਣੀ ਵਿਚੋਂ "ਜਬ ਹਮ ਹੋਤੇ ਤਬ ਤੂੰ ਨਾਹੀ" ਸ਼ਬਦ ਦਾ ਗਾਇਨ ਕੀਤਾ ਗਿਆ | ਸਟੇਜ ਸਕੱਤਰ ਜੀ ਨੇ ਸਟੇਜ ਦੀ ਕਾਰਜਕਰਤਾ ਸੰਭਾਲਦੇ ਹੋਏ ਸਾਰੀਆਂ ਹੀ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਜੀ ਆਇਆਂ ਆਖਿਆ | ਉਪਰੰਤ ਸ਼੍ਰੀ 108 ਸੰਤ ਕਿਸ਼ਨ ਨਾਥ ਜੀ ਨੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ | ਇਸ ਮੌਕੇ ਭਾਰਤੀ ਦੂਤ ਘਰ ਤੋਂ ਪਹੁੰਚੇ ਨੁਮਾਇੰਦੇ ਸ਼੍ਰੀ ਅਗਰਵਾਲ ਜੀ ਨੇ ਨਵੇਂ ਗੁਰੂ ਘਰ ਦੇ ਉਦਘਾਟਨ ਸਮਾਰੋਹ ਦੀ ਸਾਰੀ ਹੀ ਰਵਿਦਾਸੀਆ ਕੌਮ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਦਿਆਂ ਆਪਣਾ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ | ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂਕੇ ਵੱਲੋਂ ਗੁਰੂ ਘਰ ਵਾਸਤੇ ਇੱਕ ਚਾਨਣੀ ਅਤੇ ਸੁੰਦਰ ਰੁਮਾਲੇ ਭੇਂਟ ਕੀਤੇ ਗਏ | ਚੇਅਰਮੈਨ ਰਮੇਸ਼ ਕਲੇਰ ਜੀ ਵੱਲੋਂ 500 ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਵਾਲੇ ਬੈਜ਼, ਆਰਤੀ ਦੇ ਕਾਰਡ ਅਤੇ ਮਿਸ਼ਨਰੀ ਕਿਤਾਬਾਂ ਸੰਗਤ ਨੂੰ ਵੰਡੀਆਂ ਗਈਆਂ | ਉਪਰੰਤ ਸ਼੍ਰੀ ਗੁਰੂ ਰਵਿਦਾਸ ਇੰਟਰਨੈਨਸਲ ਆਰਗੇਨਾਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂਕੇ ਦੇ ਪ੍ਰਧਾਨ ਸ਼੍ਰੀ ਦੇਸ ਰਾਜ ਮਹਿਮੀ ਜੀ ਨੇ ਆਪਣੇ ਵਿਚਾਰ ਦਿੰਦਿਆ ਸੰਗਤ ਨੂੰ ਕਾਂਸ਼ੀ ਤੋਂ ਜਾਰੀ ਹੋਏ ਹੁਕਨਾਮੇ ਤੇ ਪਹਿਰਾ ਦੇਣ ਦੀ ਅਪੀਲ ਕੀਤੀ ਅਤੇ ਆਪਣੇ ਇਤਿਹਾਸ ਬਾਰੇ ਸੰਗਤ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਕਿਵੇਂ ਮੂਲਨਿਵਾਸੀਆਂ ਤੋਂ ਸਾਨੂੰ ਮਨੂੰ ਦੇ ਗੁਲਾਮ ਬਣਾਇਆ ਗਿਆ, ਸਾਡੇ ਉੱਤੇ ਗੁਲਾਮੀ ਥੋਪ ਕੇ ਰੱਬ ਦੀ ਇਹੀ ਰਜ਼ਾ ਕਹਿ ਕੇ ਸਾਨੂੰ ਮਨੁੱਖੀ ਹੱਕਾਂ ਤੋਂ ਵਾਂਝੇ ਕੀਤਾ ਗਿਆ, ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ, ਬਾਬਾ ਸਾਹਿਬ ਅੰਬੇਡਕਰ ਜੀ ਨੇ ਕਿਵੇਂ ਹੱਕਾਂ ਦੀ ਲੜਾਈ ਲੜ ਕੇ ਸਾਨੂੰ ਦੁਬਾਰਾ ਇਨਸਾਨ ਬਣਾਇਆ | ਉਨ੍ਹਾਂ ਕਿਹਾ ਕਿ ਜਦ ਭਾਰਤੀ ਸੰਵਿਧਾਨ ਵਿੱਚ ਹਰ ਧਰਮ ਨੂੰ ਪੂਰੀ ਆਜ਼ਾਦੀ ਦਾ ਹੱਕ ਹੈ ਤਾਂ ਸਾਡੇ ਰਵਿਦਾਸੀਆ ਧਰਮ ਦੀ ਹੀ ਵਿਰੋਧਤਾ ਕਿਉਂ ਹੁੰਦੀ ਹੈ, ਇਸ ਬਾਰੇ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ | ਉਪਰੰਤ ਸ਼੍ਰੀ ਹਰਬੰਸ ਬਾਲੀ ਜੀ ਨੇ ਕਿਹਾ ਕਿ ਅਸੀਂ ਕਿਸੇ ਵੀ ਧਰਮ ਵਿੱਚ ਚਲੇ ਜਾਈਏ ਸਾਨੂੰ ਗੁਲਾਮ ਹੀ ਰੱਖਿਆਂ ਜਾਂਦਾ ਰਿਹਾ ਹੈ | ਸਮਾਜ ਨੂੰ ਚਾਹੀਦਾ ਹੈ ਕਿ ਅਗਰ ਸਾਨੂੰ ਅੱਜ ਸਾਡਾ ਆਪਣਾ ਧਰਮ ਮਿਲ ਰਵਿਦਾਸੀਆ ਮਿਲਿਆ ਹੈ ਤੇ ਸਾਨੂੰ ਇਸ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਚਾਹੀਦਾ ਹੈ | ਸ਼੍ਰੀ ਰੂਪ ਲਾਲ ਜੀ ਪ੍ਰਧਾਨ ਡਾ ਬੀ.ਆਰ. ਅੰਬੇਡਕਰ ਐਸੋਸੀਏਸ਼ਨ ਨੇ ਕਿਹਾ ਕਿ ਅਗਰ ਅਸੀਂ ਆਪਣੇ ਸਮਾਜ ਦੀ ਆਵਾਜ ਨੂੰ ਕੋਨੇ ਕੋਨੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਮੀਡੀਏ ਨੂੰ ਮਜਬੂਤ ਕਰਨਾ ਹੋਵੇਗਾ, ਤਾਂ ਕਿ ਅਸੀਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਬੇਗਮਪੁਰੇ ਦੇ ਫਲਸਫੇ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਸਕੀਏ | ਉਪਰੰਤ ਅਸਟਰੀਆ ਤੋਂ ਪਹੁੰਚੇ ਪ੍ਰਧਾਨ ਸ਼੍ਰੀ ਸੋਮਦੇਵ ਜੀ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਅੰਮ੍ਰਿਤਬਾਣੀ ਵਿੱਚੋਂ ਸ਼ਬਦ "ਹਮ ਸਰਿ ਦੀਨ ਦਿਆਲ ਨਾ ਤੁਮ ਸਰਿ" ਦਾ ਗਾਇਨ ਕੀਤਾ ਅਤੇ ਵਿਆਨਾ ਵਿੱਚ ਚੱਲਦੇ ਕੇਸ ਬਾਰੇ ਸੰਗਤ ਨੂੰ ਜਾਣੂ ਕਰਵਾਇਆ | ਉਪਰੰਤ ਪੁਰਤਗਾਲ ਤੋਂ ਸ਼੍ਰੀ ਹਰਭਜਨ ਲਾਲ ਜੀ, ਸ਼੍ਰੀ ਹਰਮੇਸ਼ ਪਵਾਰ, ਸ਼੍ਰੀ ਦਲਜੀਤ ਸਿੰਘ ਅਤੇ ਬੱਚੀ ਪ੍ਰੀਆ ਨੇ ਸਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਸਤਿਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਕਿਹਾ | ਉਪਰੰਤ ਸ਼੍ਰੀ 108 ਸੰਤ ਕਿਸ਼ਨ ਨਾਥ ਜੀ ਨੇ ਸੰਗਤ ਨੂੰ ਆਪਣੇ ਕ੍ਰਾਂਤੀਕਾਰੀ ਪ੍ਰਵਚਨ ਸੁਣਆਉਂਦਿਆਂ ਸਭ ਤੋਂ ਪਹਿਲਾ ਸਾਰੀ ਹੀ ਰਵਿਦਾਸੀਆ ਕੌਮ ਨੂੰ ਨਵੇਂ ਗੁਰੂ ਘਰ ਖੁੱਲਣ ਅਤੇ "ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ" ਦੇ ਪ੍ਰਕਾਸ਼ ਕਰਨ ਦੀ ਵਧਾਈ ਦਿੱਤੀ | ਉਪਰੰਤ ਉਨ੍ਹਾਂ ਦੱਸਿਆ ਕਿ ਕਿਵੇਂ ਸਾਡੇ ਆਪਣੇ ਧਰਮ ਰਵਿਦਾਸੀਆ ਧਰਮ ਦਾ ਜਨਮ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਮੂਲਨਿਵਾਸੀ ਭਾਰਤੀ ਲੋਕਾਂ ਨੂੰ, ਜਿਨ੍ਹਾਂ ਨੇ ਭਾਰਤ ਦੀ ਧਰਤੀ ਤੇ ਲਗਾਤਾਰ 4500 ਸਾਲ ਰਾਜ ਕੀਤਾ ਹੈ, ਨੂੰ ਆਰੀਅਨ ਲੋਕਾਂ ਨੇ ਬਹੁਤ ਹੀ ਸ਼ਾਤਿਰ ਦਿਮਾਗ ਦੇ ਨਾਲ ਕਾਨੂੰਨ ਬਣਾ ਕੇ ਆਪਣੇ ਗੁਲਾਮ ਬਣਾਇਆ | ਸਾਡੇ ਉੱਤੇ ਸ਼ਾਮ, ਦਾਮ, ਦੰਡ ਅਤੇ ਭੇਦ ਵਾਲੀ ਨੀਤੀ ਵਰਤੀ ਗਈ | ਸਦੀਆਂ ਤੋਂ ਗੁਲਾਮੀ ਸਹਿ ਰਹੇ ਲੋਕਾਂ ਨੂੰ ਆਜ਼ਾਦੀ ਸ਼ਬਦ ਦਾ ਮਤਲਬ ਹੀ ਭੁੱਲ ਗਿਆ ਸੀ | ਰੱਬ ਦੀ ਕਰਨੀ ਸਮਝ ਕੇ ਲੋਕ ਉਸੇ ਤਰ੍ਹਾਂ ਹੀ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਸਨ | ਜਦੋਂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਸਾਡੀ ਪਸ਼ੂਆਂ ਤੋਂ ਵੀ ਭੈੜੀ ਜਿੰਦਗੀ ਨੂੰ ਦੇਖਿਆ ਤਾਂ ਉਨ੍ਹਾਂ ਅਣਖ ਦਾ ਵਿਘਲ ਵਜਾਉਂਦਿਆ ਸਾਡੇ ਮਨੁੱਖੀ ਹੱਕ ਪ੍ਰਾਪਤ ਕਰਨ ਲਈ ਲੜਾਈ ਲੜੀ ਅਤੇ ਕੌਮ ਨੂੰ ਏਕੇ ਦਾ ਸੰਦੇਸ਼ ਦਿੱਤਾ | ਉਨ੍ਹਾਂ ਤੋਂ ਬਾਅਦ ਫਿਰ ਸਾਡੇ ਲੋਕਾਂ ਨੂੰ ਗੁਲਾਮ ਹੀ ਰੱਖਿਆ ਗਿਆ ਅਤੇ ਫਿਰ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਦੁਬਾਰਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਮਿਸ਼ਨ ਨੂੰ ਸੁਰਜੀਤ ਕੀਤਾ ਅਤੇ ਬੇਗਮਪੁਰੇ ਦੇ ਫਲਸਫੇ ਦੇ ਆਧਾਰ ਤੇ ਭਾਰਤੀ ਸੰਵਿਧਾਨ ਲਿਖ ਕੇ ਸਾਨੂੰ ਮਨੁੱਖੀ ਹੱਕ ਦਵਾਏ | ਸਾਡੇ ਮਨੁੱਖੀ ਹੱਕਾਂ ਨੂੰ ਨਾ ਬਰਦਾਸ਼ਤ ਕਰਦੇ ਮਾਨਵ ਵਿਰੋਧੀ ਅਨਸਰਾਂ ਨੇ ਜਦੋਂ ਦੇਖਿਆ ਕਿ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਦਿਨ ਪ੍ਰਤੀ ਦਿਨ ਤਰੱਕੀ ਕਰ ਰਹੀ ਹੈ ਤਾਂ ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਦੇ ਮਹਾਪੁਰਸ਼ ਸ਼੍ਰੀ ੧੦੮ ਸੰਤ ਰਾਮਾਨੰਦ ਜੀ ਨੂੰ ਸ਼ਹੀਦ ਕਰ ਦਿੱਤਾ | ਮਾਨਵ ਵਿਰੋਧੀ ਅਨਸਰਾਂ ਨੂੰ ਇਹ ਲਗਦਾ ਸੀ ਕਿ ਸ਼ਾਇਦ ਗੋਲੀਆਂ ਨਾਲ ਬੇਗਮਪੁਰੇ ਦਾ ਪ੍ਰਚਾਰ ਖਤਮ ਹੋ ਜਾਵੇਗਾ ਪਰ ਸੰਤ ਰਾਮਾਨੰਦ ਜੀ ਦੀ ਸ਼ਹੀਦੀ ਦੇ ਨਾਲ ਰਵਿਦਾਸੀਆ ਸਮਾਜ ੫੦ ਸਾਲ ਹੋਰ ਹੱਗੇ ਵੱਧ ਗਿਆ ਹੈ | ਉਨ੍ਹਾਂ ਸੰਗਤ ਨੂੰ ਦੱਸਿਆ ਕਿ ਹਰ ਰੋਜ ਰਵਿਦਾਸੀਆ ਸਮਾਜ ਅੰਮ੍ਰਿਤਬਾਣੀ ਦੇ ਪ੍ਰਕਾਸ਼ ਬੜੇ ਉਤਸ਼ਾਹ ਨਾਲ ਕਰਦਾ ਹੈ | ਇਹ ਸਭ ਇਸ ਕਰਕੇ ਸੰਭਵ ਹੈ ਕਿਉਂਕਿ ਰਵਿਦਾਸੀਆ ਸਮਾਜ ਵਿੱਚ ਏਕਤਾ ਹੈ ਅਤੇ ਉਨ੍ਹਾਂ ਸੰਗਤ ਨੂੰ ਇਸੇ ਤਰ੍ਹਾਂ ਏਕਤਾ ਦੇ ਨਾਲ ਆਪਸੀ ਪਿਆਰ ਹਤੇ ਭਾਈਚਾਰੇ ਨਾਲ ਰਹਿਣ ਦੀ ਪੁਰਜੋਰ ਅਪੀਲ ਕੀਤੀ | ਅੰਤ ਵਿੱਚ ਸ਼੍ਰੀ 108 ਸੰਤ ਕਿਸ਼ਨ ਨਾਥ ਜੀ ਨੇ ਸਾਰੀਆਂ ਹੀ ਸਭਾਵਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਹਿਉਮਨ ਰਾਈਟਜ਼ ਯੂ.ਕੇ, ਸ਼੍ਰੀ ਗੁਰੂ ਰਵਿਦਾਸ ਸੁਪਰੀਮ ਕੌਂਸਲ ਯੂ.ਕੇ, ਸ਼੍ਰੀ ਗੁਰੂ ਰਵਿਦਾਸ ਸਭਾ ਅਸਟਰੀਆ, ਸ਼੍ਰੀ ਗੁਰੂ ਰਵਿਦਾਸ ਸਭਾ ਪੁਰਤਗਾਲ, ਸ਼੍ਰੀ ਗੁਰੂ ਰਵਿਦਾਸ ਸਭਾ ਸਪੇਨ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਇਟਲੀ ਅਤੇ ਡਾ. ਬੀ ਆਰ ਅੰਬੇਡਕਰ ਐਸੋਸੀਏਸ਼ਨ ਗਰੀਸ ਆਦਿ ਸਭਾਵਾਂ ਹਾਜਿਰ ਸਨ | ਅੰਤ ਵਿੱਚ ਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |