Guru Ravidass international organization for human rights (regd) UK

ਰਵਿਦਾਸੀਆ ਕੌਮ ਦੇ ਮਾਨ ਸਨਮਾਨ ਲਈ ਹਰ ਮੁਕਾਮ ਤੱਕ ਲੜਾਂਗੇ-ਰਮੇਸ਼ ਕਲੇਰ


ਰਵਿਦਾਸੀਆ ਕੌਮ ਦੇ ਮਾਨ ਸਨਮਾਨ ਲਈ ਹਰ ਮੁਕਾਮ ਤੱਕ ਲੜਾਂਗੇ-ਰਮੇਸ਼ ਕਲੇਰ
ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫ਼ਾਰ ਹਿਊਮੈਨ ਰਾਈਟਜ਼ ਰਜਿ ਯੂ.ਕੇ. ਦੇ ਚੇਅਰਮੈਨ ਰਮੇਸ਼ ਕਲੇਰ ਨੇ ਭਾਰਤ ਵਿੱਚ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਬੁੱਤਾਂ ਅਤੇ ਤਸਵੀਰਾਂ ਨਾਲ ਛੇੜਛਾੜ ਅਤੇ ਰਵਿਦਾਸੀਆ ਕੌਮ ਦੀ ਧਾਰਮਿਕ ਪਬੰਧੀ ਤੇ ਅਫਸੋਸ ਜਾਹਿਰ ਕਰਦਿਆਂ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਰਤ ਨੂੰ ਆਜ਼ਾਦ ਹੋਇਆਂ ਤਕਰੀਬਨ 63 ਸਾਲ ਹੋ ਗਏ ਹਨ | ਅਸੀਂ ਗੁਲਾਮ ਭਾਰਤ ਵਿੱਚ ਦੋਹਰੀ ਗੁਲਾਮੀ ਜੀਅ ਰਹੇ ਸੀ ਅਤੇ ਅੱਜ ਵੀ ਅਸੀਂ ਗੁਲਾਮੀ ਦਾ ਜੀਵਨ ਬਸਰ ਰਹੇ ਹਾਂ, ਅਸੀਂ ਅੱਜ ਵੀ ਆਜ਼ਾਦ ਨਹੀਂ ਹਾਂ | ਕਿਉਂਕਿ ਜੇਕਰ ਅਸੀਂ ਆਜ਼ਾਦ ਹੁੰਦੇ ਤਾਂ ਇਸ ਦੇਸ਼ ਵਿੱਚ ਅਸੀਂ ਮਾਨ ਸਨਮਾਨ ਨਾਲ ਜੀਵਨ ਬਤੀਤ ਕਰਦੇ | ਆਜ਼ਾਦ ਭਾਰਤ ਵਿੱਚ ਅਸੀਂ ਆਪਣੇ ਗੁਰੂ ਸਾਹਿਬਾਨਾਂ ਨੂੰ ਸਤਿਕਾਰਯੋਗ ਨਾਵਾਂ ਨਾਲ ਪੁਕਾਰ ਸਕਦੇ, ਆਪਣਾ ਧਰਮ ਨਹੀਂ ਬਦਲ ਸਕਦੇ, ਆਪਣੇ ਧਾਰਮਿਕ ਗ੍ਰੰਥ ਨੂੰ ਆਪਣੇ ਧਾਰਮਿਕ ਅਸਥਾਨਾਂ ਤੇ ਸਤਿਕਾਰ ਸਹਿਤ ਨਹੀਂ ਰੱਖ ਸਕਦੇ , ਉਨ੍ਹਾਂ ਦੀ ਸਤਿਕਾਰ ਸਹਿਤ ਪੂਜਾ ਨਹੀਂ ਕਰ ਸਕਦੇ ਆਦਿ ਆਦਿ |

ਅੱਜ ਸਾਡੀ ਕੌਮ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਆਪਾਰ ਕ੍ਰਿਪਾ ਨਾਲ 30 ਜਨਵਰੀ 2010 ਨੂੰ ਸੀਰ ਗੋਵਰਧਨਪੁਰ ਕਾਂਸ਼ੀ ਜੋ ਕਿ ਕੌਮ ਦਾ ਸਰਵ ਉੱਚ ਸਥਾਨ ਹੈ ਤੋਂ "ਰਵਿਦਾਸੀਆ ਕੌਮ" ਦੇ ਨਾਮ ਨਾਲ ਵੱਖਰੀ ਪਹਿਚਾਣ ਮਿਲੀ ਹੈ ਅਤੇ ਕੌਮ ਨੂੰ ਵੱਖਰੇ ਧਰਮ ਦੇ ਨਾਲ ਵੱਖਰਾ ਗ੍ਰੰਥ "ਅੰਮ੍ਰਿਤ ਬਾਣੀ" ਵੀ ਮਿਲਿਆ ਹੈ | ਪਰ ਅਫਸੋਸ ਦੀ ਗੱਲ ਹੈ ਕਿ ਲੋਕਤੰਤਰਿਕ ਦੇਸ਼ ਭਾਰਤ ਵਿੱਚ ਜਿੱਥੇ ਹਰੇਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ ਵਿੱਚ ਅੱਜ ਵੀ ਰਵਿਦਾਸੀਆ ਕੌਮ ਨੂੰ ਧਾਰਮਿਕ ਆਜ਼ਾਦੀ ਨਹੀਂ ਹੈ | ਅਸੀਂ ਜਦ ਵੀ ਆਪਣੇ ਧਾਰਮਿਕ ਅਸਥਾਨਾਂ ਤੇ ਜਦ ਵੀ ਆਪਣੇ ਧਾਰਮਿਕ ਗ੍ਰੰਥ "ਅੰਮ੍ਰਿਤਬਾਣੀ" ਦਾ ਪ੍ਰਕਾਸ਼ ਕਰਦੇ ਹਾਂ ਤਾਂ ਸਰਕਾਰ ਆਪਣੇ ਸਾਸ਼ਨ ਅਤੇ ਪ੍ਰਸਾਸ਼ਨ ਦੀ ਮਦਦ ਨਾਲ ਸਾਡੀ ਕੌਮ ਤੇ ਧੱਕੇਸ਼ਾਹੀ ਕਰਦੀ ਹੈ ਅਤੇ ਰਵਿਦਾਸੀਆ ਕੌਮ ਦੇ ਨੌਜਵਾਨਾਂ ਤੇ ਤਰ੍ਹਾਂ ਤਰ੍ਹਾਂ ਦੇ ਕੇਸ ਦਰਜ ਕਰਦੀ ਹੈ | ਅਸੀਂ ਭਾਰਤ ਰਤਮ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਦੇ ਸੰਘਰਸ਼ ਅਤੇ ਕੁਰਬਾਨੀ ਸਦਕਾ ਪੰਚ ਸਰਪੰਚ, ਐਮ.ਐਲ.ਏ ਅਤੇ ਹੋਰ ਦੇਸ਼ ਦੇ ਵੱਡੇ ਪ੍ਰਸਾਸ਼ਨਿਕ ਅਹੁਦਿਆਂ ਤੇ ਪਹੁੰਚੇ ਹਾਂ ਪਰ ਕਿਸੇ ਵੀ ਐਮ.ਐਲ.ਏ ਅਤੇ ਐਮ.ਪੀ ਵਗੈਰਾ ਨੇ ਸਮਾਜ ਉੱਤੇ ਹੋ ਰਹੇ ਅੱਤਿਆਚਾਰਾਂ ਲਈ ਆਵਾਜ਼ ਨਹੀਂ ਉਠਾਈ |

ਸ਼੍ਰੀ ਰਮੇਸ਼ ਕਲੇਰ ਜੀ ਨੇ ਕਿਹਾ ਕਿ ਪੰਜਾਬ ਵਿੱਚ ਹੋ ਕਿ ਰਵਿਦਾਸੀਆ ਕੌਮ ਨਾਲ ਹੋ ਰਹੀਆਂ ਤਾਜ਼ਾ ਘਟਨਾਵਾਂ ਜਿਨ੍ਹਾਂ ਵਿੱਚ ਫ਼ਗਵਾੜਾ ਸ਼ਹਿਰ ਦੇ ਪਿੰਡ ਰਾਮਗੜ੍ਹ ਦੀ ਸਰਪੰਚ ਬਲਬੀਰ ਕੌਰ ਦਾ ਜਿਸ ਨੂੰ ਪਿੰਡ ਦੇ ਅਖੌਤੀ ਉੱਚ ਜਾਤੀ ਲੋਕਾਂ ਦੁਆਰਾ ਜਾਤੀ ਤੌਰ ਤੇ ਅਪਮਾਨਿਤ ਕੀਤਾ ਗਿਆ ਅਤੇ ਦੋਸ਼ੀ ਅੱਜ ਵੀ ਮੌਜੂਦਾ ਸਰਕਾਰ ਦੀ ਸ਼ਹਿ ਤੇ ਸ਼ਰੇਆਮ ਘੁੰਮ ਰਹੇ ਹਨ | ਉਹ ਰੋਜ਼ਾਨਾ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਆਉਂਦੇ ਜਾਂਦੇ ਨਾ ਸੁਨਣ ਯੋਗ ਅਤੇ ਨਾ ਸਹਿਣਯੋਗ ਟਿੱਚਰਾਂ ਕਰਦੇ ਰਹਿੰਦੇ ਹਨ | ਦੂਸਰਾ ਮਾਨਸਾ ਸ਼ਹਿਰ ਦੇ ਪਿੰਡ ਬਰੇਟਾ ਵਿੱਚ ਬਾਬਾ ਸਾਹਿਬ ਜੀ ਦੇ ਬੁੱਤ ਦੀ ਗਰਦਨ ਕੱਟ ਕੇ ਕਤਲ ਕੀਤਾ ਗਿਆ ਅਤੇ ਨਵਾਂਸ਼ਹਿਰ ਦੇ ਜੱਬੇਵਾਲ ਪਿੰਡ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀਆਂ ਤਸਵੀਰਾਂ ਨਾਲ ਛੇੜ-ਛਾੜ ਕੀਤੀ | ਜਿਨ੍ਹਾਂ ਤੋਂ ਇਹ ਸਿੱਧ ਹੈ ਕਿ ਅਖੌਤੀ ਉੱਚ ਜਾਤੀ ਦੇ ਲੋਕਾਂ ਦੀ ਨਜ਼ਰ ਵਿੱਚ ਜੇਕਰ ਭਾਰਤ ਨੂੰ ਉੱਤਮ ਦੇਸ਼ ਬਨਾਉਣ ਵਿੱਚ ਯੋਗਦਾਨ ਦੇਣ ਵਾਲੇ ਮਹਾਂਪੁਰਸ਼ਾਂ ਦੀ ਕਦਰ ਨਹੀਂ ਤਾਂ ਆਮ ਰਵਿਦਾਸੀਆ ਕੌਮ ਦਾ ਕਿੰਨਾ ਕੁ ਸਨਮਾਨ ਹੋਵੇਗਾ | ਇਸ ਲਈ ਜੇਕਰ ਰਵਿਦਾਸੀਆ ਕੌਮ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਮੌਜੂਦਾ ਸਰਕਾਰਾਂ ਅਤੇ ਪ੍ਰਸਾਸ਼ਨਿਕ ਅਦਾਰਿਆਂ ਨੇ ਠੱਲ ਨਾ ਪਾਈ ਤਾਂ ਰਵਿਦਾਸੀਆ ਕੌਮ ਆਪਣੇ ਮਾਨ ਸਨਮਾਨ ਲਈ ਹਰ ਮੁਕਾਮ ਤੱਕ ਸੰਘਰਸ਼ ਕਰੇਗੀ ਅਤੇ ਰਵਿਦਾਸੀਆ ਕੌਮ ਨੂੰ ਅਪਮਾਨਿਤ ਕਰਨ ਵਾਲਿਆ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ |