Guru Ravidass international organization for human rights (regd) UK

ਰਵਿਦਾਸੀਓ ਡਰਨਾ ਛੱਡ ਦਿਓ, ਹਰਿ ਹਰਿ ਦੇ ਝੰਡੇ ਗੱਡ ਦਿਓ


ਰਵਿਦਾਸੀਓ ਡਰਨਾ ਛੱਡ ਦਿਓ, ਹਰਿ ਹਰਿ ਦੇ ਝੰਡੇ ਗੱਡ ਦਿਓ-ਰਮੇਸ਼ ਕਲੇਰ

 
ਇਟਲੀ(ਮਨੀ ਚੌਹਾਨ-ਮੋਢੀ ਇਨਕਲਾਬ ਦਾ) ਸ਼੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗਾਨਇਜ਼ੇਸ਼ਨ ਫਾਰ ਹਿਉਮੈਨ ਰਾਈਟਸ (ਰਜ਼ਿ) ਯੂ.ਕੇ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਰਵਿਦਾਸੀਆ ਸਮਾਜ ਦੇ ਨੌਜਵਾਨਾਂ ਨੂੰ ਡਰਾਉਣਾ, ਧਮਕਾਉਣਾ ਅਤੇ ਨਜਾਇਜ਼ ਕੇਸਾਂ ਵਿੱਚ ਫਸਾਉਣਾ ਛੱਡ ਦੇਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ | ਪੰਜਾਬ ਸਰਕਾਰ ਨੇ ਜਲੰਧਰ ਜਿਲ੍ਹੇ ਦੇ ਪਿੰਡ ਮੰਨਣ(ਨੇੜੇ ਸੱਚਖੰਡ ਬੱਲਾਂ) ਵਿੱਚ ਇੱਕ ਲੜਾਈ ਵਿੱਚ ਜਿਸ ਵਿੱਚ ਇੱਕ ਤਰਫਾ ਰੋਲ ਅਦਾ ਕੀਤਾ ਹੈ ਉਸ ਨਾਲ ਲੋਕਾਂ ਦੇ ਮਨਾਂ ਵਿੱਚੋਂ ਇਹ ਗਲਤ ਫਹਿਮੀ ਦੂਰ ਹੋ ਗਈ ਕਿ ਸਰਕਾਰ ਅਤੇ ਪ੍ਰਸਾਸ਼ਨ ਸਭ ਲਈ ਹੁੰਦਾ ਹੈ | ਹੁਣ ਰਵਿਦਾਸੀਆ ਕੌਮ ਦੇ ਹਰ ਵਿਅਕਤੀ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਸਰਕਾਰ ਅਤੇ ਪ੍ਰਸਾਸ਼ਨ ਰਵਿਦਾਸੀਆ ਕੌਮ ਦੇ ਭਲੇ ਵਿੱਚ ਨਹੀਂ ਹੈ | ਰਵਿਦਾਸੀਆ ਕੌਮ ਨੇ ਹੁਣ ਇਹ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਗੁਰੂ ਰਵਿਦਾਸ ਜੀ ਦੁਆਰਾ ਦਰਸਾਏ ਰਾਜ ਭਾਗ ਨੂੰ ਪ੍ਰਾਪਤ ਕਰਨ ਲਈ ਅੰਮ੍ਰਿਤਬਾਣੀ ਗ੍ਰੰਥ ਦੀ ਵਿਚਾਰਧਾਰਾ ਤੇ ਚੱਲਣ ਦੀ ਲੋੜ ਹੈ ਅਤੇ ਇਸੇ ਧਾਰਮਿਕ ਗ੍ਰੰਥ ਦੇ ਪ੍ਰਕਾਸ਼ ਆਪਣੇ ਗੁਰੂ ਘਰਾਂ ਵਿੱਚ ਕਰਵਾਉਣੇ ਚਾਹੀਦੇ ਹਨ |
ਸ਼੍ਰੀ ਰਮੇਸ਼ ਕਲੇਰ ਨੇ ਕਿਹਾ ਕਿ ਸਮਾਜ ਨੂੰ ਮੌਕਾ ਪ੍ਰਸਤ ਲੀਡਰਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੇ ਸੰਤ ਰਾਮਾਨੰਦ ਜੀ ਦੇ ਸ਼ਹੀਦ ਹੋਣ ਤੇ ਇੱਕ ਵਾਰ ਵੀ ਸਮਾਜ ਨਾਲ ਦੁੱਖ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਔਖੀ ਘੜੀ ਵਿੱਚ ਸਮਾਜ ਦੇ ਨਾਲ ਖੜ੍ਹੇ | ਪਰ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸੰਤ ਸਮਾਜ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹਮਦਰਦੀ ਦਿਖਾਉਣ ਲਈ ਮਗਰਮੱਛ ਦੇ ਹੰਝੂ ਦਿਖਾਉਂਦੇ ਹਨ | ਸਮਾਜ ਨੇ ਆਉਣ ਵਾਲੀਆਂ ਚੋਣਾ ਵਿੱਚ ਵੋਟ ਦੀ ਤਾਕਤ ਨੂੰ ਪਛਾਣਦੇ ਹੋਏ ਪੂਰੇ ਦੇਸ਼ ਵਿੱਚ ਮਨੁੱਖਤਾ ਦੀਆਂ ਕਾਤਲ ਬ੍ਰਾਹਣਵਾਦੀ ਸਰਕਾਰਾਂ ਤੋਂ ਛੁੱਟਕਾਰਾ ਪਾਉਣਾ ਹੈ | ਰਵਿਦਾਸੀਆ ਕੌਮ ਦੀ ਅਣਦੇਖੀ ਕਰਨ ਵਾਲੀਆਂ ਸਰਕਾਰਾਂ ਦੇ ਵਿਰੁੱਧ ਆਪਣੀ ਵੋਟ ਦਾ ਇਸਤੇਮਾਲ ਕਰਕੇ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਸੱਚੀ ਸ਼ਰਧਾਜਲੀ ਦਿੱਤੀ ਜਾਵੇਗੀ |
ਸ਼੍ਰੀ ਰਮੇਸ਼ ਕਲੇਰ ਜੀ ਨੇ ਰਵਿਦਾਸੀਆ ਕੌਮ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨਾਂ ਦੇ ਸਿਰ ਤੇ ਸਮਾਜ ਦੀ ਇੱਜਤ ਅਤੇ ਅਣਖ ਬਰਕਰਾਰ ਹੈ ਇਸ ਲਈ ਨੌਜਵਾਨਾਂ ਨੂੰ ਡਰਨਾ ਛੱਡ ਦੇਣਾ ਚਾਹੀਦਾ ਹੈ ਅਤੇ ਆਪਣੇ ਗੁਰੂ ਘਰਾਂ ਵਿੱਚ ਧਾਰਮਿਕ ਨਿਸ਼ਾਨ "ਹਰਿ ਹਰਿ" ਦੇ ਨਿਸ਼ਾਨ ਗੱਡ ਦੇਣੇ ਚਾਹੀਦੇ ਹਨ | ਅਸੀਂ ਆਪ ਅਤੇ ਆਪਣੇ ਨਾਲ ਕੰਮ ਕਰਨ ਵਾਲੀਆਂ ਧਾਰਮਿਕ ਜੱਥੇਬੰਦੀਆਂ ਨਾਲ ਪੂਰੀ ਤਰ੍ਹਾਂ ਸਮਾਜ ਦੇ ਨਾਲ ਖੜੇ ਹਾਂ ਅਤੇ ਪੰਜਾਬ ਵਿੱਚ ਰਵਿਦਾਸੀਆ ਕੌਮ ਵਿਰੁੱਧ ਹੋ ਰਹੀਆਂ ਗਤੀਵਿਧੀਆਂ ਤੇ ਪੂਰੀ ਨਜ਼ਰ ਰੱਖ ਰਹੇ ਹਾਂ | ਅਸੀ ਪੰਜਾਬ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਵਧੀਕੀਆਂ ਵਿਰੁੱਧ ਹਰ ਸੰਭਵ ਸੰਘਰਸ਼ ਕਰਾਂਗੇ ਅਤੇ ਆਪਣੀ ਆਵਾਜ਼ ਯੂ.ਐੱਨ.ਓ. ਤੱਕ ਵੀ ਬੁਲੰਦ ਕਰਾਂਗੇ | 30 ਜਨਵਰੀ 2010 ਨੂੰ ਰਵਿਦਾਸੀਆ ਕੌਮ ਦੇ ਸਰਬ ਉੱਚ ਅਸਥਾਨ ਸੀਰ ਗੋਵਰਧਨਪੁਰ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸੰਤ ਸਮਾਜ ਤਨ ਦੇਹੀ ਨਾਲ ਜਿੰਮੇਵਾਰੀ ਨਿਭਾਵੇ | ਅਸੀਂ ਪਹਿਲਾਂ ਬੇਧਰਮੇ ਸੀ ਅਤੇ ਕੋਈ ਵੀ ਧਰਮ ਸਾਡਾ ਨਹੀਂ ਸੀ | ਕੋਈ ਆਪਣੀ ਮਰਜ਼ੀ ਨਾਲ ਸਿੱਖ ਲਿਖ ਦਿੰਦਾ ਸੀ ਤੇ ਕੋਈ ਹਿੰਦੂ ਲਿਖ ਦਿੰਦਾ ਸੀ | ਹੁਣ ਸਾਡੀ ਸੁਪਰੀਮ ਪਾਵਰ ਸੀਰ ਗੋਵਰਧਨਪੁਰ ਕਾਂਸ਼ੀ ਤੋਂ ਜਾਰੀ ਹੋਏ ਹੁਕਮਨਾਮੇ ਅਨੁਸਾਰ ਸਾਡਾ ਧਰਮ ਰਵਿਦਾਸੀਆ, ਸਾਡਾ ਧਾਰਮਿਕ ਗ੍ਰੰਥ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ, ਸਾਡਾ ਧਾਰਮਿਕ ਨਿਸ਼ਾਨ ਹਰਿ, ਤੇ ਸਾਡਾ ਨਾਅਰਾ ਜੈ ਗੁਰੂਦੇਵ ਮਿਲ ਚੁੱਕਾ ਹੈ | ਸਾਰੇ ਸਮਾਜ ਨੂੰ ਬਿਨਾ ਕਿਸੇ ਦੇਰ ਕੀਤੇ ਇਹ ਹੁਕਮਨਾਮੇ ਮੰਨ ਕੇ ਆਪਣਾ ਜੀਵਨ ਇਸ ਧਰਮ ਦੇ ਨਿਯਮਾਂ ਅਨੁਸਾਰ ਬਤੀਤ ਕਰਨਾ ਚਾਹੀਦਾ ਹੈ |