Guru Ravidass international organization for human rights (regd) UK

Article 9

 


ਰਵਿਦਾਸੀਓ ਨਾ ਸਮਝੋਗੇ, ਤਾਂ ਮਿਟ ਜਾਉਗੇ- ਰਮੇਸ਼ ਕਲੇਰ
 

ਬੈਰਗਾਮੋ (ਮਨੀ ਚੌਹਾਨ-ਮੋਢੀ ਇਨਕਲਾਬ ਦਾ) ਰਵਿਦਾਸੀਆ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਕਰਨ ਬਾਰੇ ਸ਼੍ਰੀ ਗੁਰੂ ਰਵਿਦਾਸ ਆਰਗਾਨਾਈਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂ.ਕੇ. ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ, ਪ੍ਰਧਾਨ ਸ਼੍ਰੀ ਦੇਸ ਰਾਜ ਮਹਿਮੀ ਜੀ ਨੇ ਇਟਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਇਟਲੀ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ | ਇਸ ਮੀਟਿੰਗ ਵਿੱਚ ਰਵਿਦਾਸੀਆ ਸਮਾਜ ਪੰਜਾਬ ਅਤੇ ਪੂਰੇ ਭਾਰਤ ਅੰਦਰ ਹੋ ਰਹੀਆਂ ਧੱਕੇਸ਼ਾਹੀਆਂ, ਪੰਜਾਬ ਸਰਕਾਰ ਦਾ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਅਤੇ ਰਵਿਦਾਸੀਆ ਧਰਮ ਵਿਰੋਧੀ ਰੱਵਈਆ ਅਤੇ ਹੋਰ ਅਨੇਕਾਂ ਮੁਸ਼ਕਲਾਂ ਦੇ ਯੋਗ ਹੱਲ ਲੱਭਣ ਲਈ ਅਨੇਕਾਂ ਵਿਚਾਰ ਕੀਤੇ ਗਏ | ਸ਼੍ਰੀ ਰਮੇਸ਼ ਕਲੇਰ ਜੀ ਨੇ ਕਿਹਾ ਕਿ ਸਰਕਾਰ ਨੂੰ ਰਵਿਦਾਸੀਆ ਧਰਮ ਦੇ ਨਾਲ ਵਿਤਕਰਾਂ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਨਹੀਂ ਤੇ ਇਸ ਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ | ਉਨ੍ਹਾਂ ਕਿਹਾ ਜਿੰਨਾ ਕਿਸੇ ਸਮਾਜ ਨੂੰ ਦਬਾਇਆ ਜਾਂਦਾ ਹੈ, ਉਨਾ ਹੀ ਉਹ ਸਮਾਜ ਤਰੱਕੀ ਦੇ ਰਾਹ ਵੱਲ ਜਾਣ ਲਈ ਸਿਰਤੋੜ ਸੰਘਰਸ਼ ਕਰਦਾ ਹੈ | ਸ਼੍ਰੀ ਦੇਸ ਰਾਜ ਮਹਿਮੀ ਜੀ ਨੇ ਕਿਹਾ ਕਿ ਜੇਕਰ ਅਸੀਂ ਇੱਕਮੁੱਠ ਹੋ ਕੇ ਸੰਘਰਸ਼ ਕਰੀਏ ਤੇ ਸਾਡੀ ਆਵਾਜ ਨੂੰ ਦਬਾਉਣ ਦੀ ਕੋਈ ਹਿੰਮਤ ਨਹੀਂ ਕਰੇਗਾ | ਜੇਕਰ ਅਸੀਂ ਇਕੱਲੇ.ਇਕੱਲੇ ਰਹਿ ਕੇ ਸਮਾਜ ਵਿਰੋਧੀ ਅਨਸਰਾਂ ਨਾਲ ਲੜਾਂਗੇ ਤਾਂ ਅਸੀਂ ਕਦੀ ਸਫਲ ਨਹੀਂ ਹੋ ਸਕਾਂਗੇ | ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਇਟਲੀ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਜੀ ਨੇ ਕਿਹਾ ਕਿ ਜੋ ਲੋਕ ਰਵਿਦਾਸੀਆ ਧਰਮ ਦਾ, ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦਾ ਵਿਰੋਧ ਕਰਦੇ ਹਨ, ਉਨ੍ਹਾਂ ਬਾਰੇ ਸਾਰਾ ਸਮਾਜ ਜਾਣਦਾ ਹੈ ਕਿ ਉਹ ਕੌਮ ਵਿਰੋਧੀ ਅਨਸਰ ਰਵਿਦਾਸੀਆ ਸਮਾਜ ਦੀ ਬਣ ਰਹੀ ਪਹਿਚਾਣ ਤੋਂ ਸੜਦੇ ਹਨ | ਪਰ ਜਿਹੜੇ ਲੋਕ ਆਪਣੇ ਆਪ ਨੂੰ ਰਵਿਦਾਸੀਆ ਧਰਮ ਨੂੰ ਸਮਰਪਿਤ ਮੰਨਦੇ ਹੋਏ ਵੀ ਰਵਿਦਾਸੀਆ ਸਮਾਜ ਨੂੰ ਪਾੜਨ ਵਿੱਚ ਲੱਗੇ ਹੋਏ ਹਨ ਉਨ੍ਹਾਂ ਬਾਰੇ ਵੀ ਸਮਾਜ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ | ਕਿਉਂਕਿ ਇਹੋ ਜਿਹੇ ਕੌਮ ਦੇ ਕੋਕੜੂ ਸਿਰਫ ਆਪਣੀ ਚੌਧਰ ਲਈ ਅੱਗੇ ਆ ਰਹੇ ਹਨ, ਨਾ ਕਿ ਆਪਣੇ ਸਮਾਜ ਨੂੰ ਪੂਰੇ ਹੱਕ-ਅਧਿਕਾਰ ਦਵਾਉਣ ਲਈ | ਵਾਇਸ ਪ੍ਰਧਾਨ ਸ਼੍ਰੀ ਸੁਰਜੀਤ ਸਿੰਘ ਸੋਂਧੀ ਜੀ ਨੇ ਕਿਹਾ ਕਿ ਸਮਾਜ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਕੌਣ ਸਾਡੇ ਹੱਕਾਂ ਲਈ ਲੜ ਰਿਹਾ ਹੈ ਤੇ ਕੌਣ ਸਾਡੀ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੈ | ਉਨ੍ਹਾਂ ਕਿਹਾ ਕਿ ਕਮੇਟੀਆਂ ਦੀਆਂ ਪ੍ਰਧਾਨਗੀਆਂ ਦੀ ਲੜਾਈ ਨੂੰ ਛੱਡ ਕੇ ਕੌਮ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਸ਼ੇਰਾਂ ਦੀ ਲੋੜ ਹੈ, ਜੇਕਰ ਆਪਣੇ ਸਮਾਜ ਦੀ ਵੱਖਰੀ ਪਹਿਚਾਣ ਬਣਾਉਣੀ ਚਾਹੁੰਦੇ ਹੋ | ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਇਟਲੀ ਨੇ ਸ਼੍ਰੀ ਗੁਰੂ ਰਵਿਦਾਸ ਆਰਗਾਨਾਈਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂ.ਕੇ. ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ, ਪ੍ਰਧਾਨ ਸ਼੍ਰੀ ਦੇਸ ਰਾਜ ਮਹਿਮੀ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਉੁਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਸ਼੍ਰੀ ਰਮੇਸ਼ ਕਲੇਰ ਜੀ ਅਤੇ ਸ਼੍ਰੀ ਦੇਸ ਰਾਜ ਮਹਿਮੀ ਜੀ ਨੇ ਵੀ ਵਿਸ਼ਵਾਸ ਦਵਾਇਆ ਕਿ ਉਹ ਹਮੇਸ਼ਾ ਸਮਾਜ ਦੀ ਭਲਾਈ ਵਾਸਤੇ ਅਤੇ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਸਮਾਜ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਜਾਣ ਲਈ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਹਮੇਸ਼ਾ ਹੀ ਤੱਤਪਰ ਰਹਿਣਗੇ | ਅਤੇ ਉਨ੍ਹਾਂ ਕਿਹਾ ਕਿ ਜੇ ਸਮਾਜ ਅੱਜ ਵੀ ਕੁੰਭਕਰਨ ਦੀ ਨੀਦੇਂ ਸੁੱਤਾ ਰਿਹਾ ਤੇ ਦੁਬਾਰਾ ਆਪਣੀ ਪਹਿਚਾਣ ਗੁਆ ਬੈਠੇਗਾ ਸੋ ਸਮਾਜ ਨੂੰ ਚਾਹੀਦਾ ਹੈ ਕਿ ਮੌਕੇ ਨੂੰ ਸੰਭਾਲ ਕੇ ਆਪਣੇ ਸਤਿਗੁਰਾਂ ਦੇ ਦੱਸੇ ਹੋਏ ਰਸਤਿਆਂ ਤੇ ਚੱਲਦੇ ਹੋਏ ਆਪਣੀ ਪਹਿਚਾਣ ਬਰਕਰਾਰ ਰੱਖਣੀ ਚਾਹੀਦੀ ਹੈ | ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਆਰਗਾਨਾਈਜ਼ੇਸ਼ਨ ਫਾਰ ਹਿਉਮਨ ਰਾਈਟਜ਼ ਯੂ.ਕੇ. ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ, ਪ੍ਰਧਾਨ ਸ਼੍ਰੀ ਦੇਸ ਰਾਜ ਮਹਿਮੀ ਜੀ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਇਟਲੀ ਦੇ ਚੇਅਰਮੈਨ ਸ਼੍ਰੀ ਕੁਲਵਿੰਦਰ ਪਾਲ ਕੈਲੇ, ਪ੍ਰਧਾਨ ਸ਼੍ਰੀ ਰਾਜ ਕੁਮਾਰ ਚੌਹਾਨ, ਵਾਇਸ ਪ੍ਰਧਾਨ ਸ਼੍ਰੀ ਸੁਰਜੀਤ ਸਿੰਘ ਸੋਂਧੀ, ਸਕੱਤਰ ਸ਼੍ਰੀ ਮਨਿੰਦਰ ਬਾਂਸਲ, ਖਜਾਨਚੀ ਸ਼੍ਰੀ ਰਕੇਸ਼ ਕੁਮਾਰ, ਸ਼੍ਰੀ ਵੇਦ ਪ੍ਰਕਾਸ਼, ਸ਼੍ਰੀ ਕਮਲ ਹੰਸ, ਸ਼੍ਰੀ ਰਾਜ ਕੁਮਾਰ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਤੇਜ ਪਾਲ, ਸ਼੍ਰੀ ਗੁਰਦਿਆਲ ਚੰਦ, ਸ਼੍ਰੀ ਤਰਲੋਕ ਚੰਦ, ਅਤੇ ਪ੍ਰੈਸ ਸਕੱਤਰ ਸ਼੍ਰੀ ਮਨੀ ਚੌਹਾਨ ਹਾਜਿਰ ਸਨ | 

 

Article 9a